ਇੰਦਰਪ੍ਰੀਤ ਸਿੰਘ, ਚੰਡੀਗੜ੍ਹ : ਪੰਜਾਬ ’ਚ ਸਨਅਤ ਤੇ ਕਾਰੋਬਾਰ ਨੂੰ ਬੜ੍ਹਾਵਾ ਦੇਣ ਲਈ ਸਰਕਾਰ ਨੇ ਸੂਬੇ ’ਚ ਸਨਅਤ ਤੇ ਕਾਰੋਬਾਰ ਦੇ 26 ਵੱਖ-ਵੱਖ ਸੈਕਟਰਾਂ ’ਚ ਇੰਡਸਟ੍ਰੀਅਲ ਐਡਵਾਇਜ਼ਰੀ ਕਮਿਸ਼ਨ ਗਠਿਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਕਮਿਸ਼ਨ ਪਿਛਲੇ ਦਿਨੀਂ ਸਨਅਤਕਾਰਾਂ ਨਾਲ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਮੋਹਾਲੀ ’ਚ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਹੋਈ ਬੈਠਕ ਦੇ ਨਤੀਜੇ ਦੇ ਰੂਪ ’ਚ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਦਾ ਮਕਸਦ ਸੂਬੇ ’ਚ ਨਾ ਸਿਰਫ਼ ਸਨਅਤਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਸਰਕਾਰ ਦੇ ਸਾਹਮਣੇ ਲਿਆਉਣਾ ਹੈ ਬਲਕਿ ਉਨ੍ਹਾਂ ਦਾ ਕੀ ਹੱਲ ਹੋ ਸਕਦਾ ਹੈ ਉਸ ਬਾਰੇ ਵੀ ਸੁਝਾਅ ਦੇਣਾ ਹੈ। ਇਨ੍ਹਾਂ ਕਮਿਸ਼ਨਾਂ ਦੇ ਚੇਅਰਮੈਨ ਇੰਡਸਟਰੀ ਸੈਕਟਰ ਦੀਆਂ ਵੱਡੀਆਂ ਹਸਤੀਆਂ ਹੋਣਗੇ, ਜਿਨ੍ਹਾਂ ਕੈਬਨਿਟ ਰੈਂਕ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਰਾਜਪਾਲ ਵੱਲੋਂ ਇਨ੍ਹਾਂ ਨੂੰ ਨਾਮਜ਼ਦ ਕੀਤਾ ਜਾਵੇਗਾ। ਸਨਅਤ ਵਿਭਾਗ ਦੇ ਪ੍ਰਮੁੱਖ ਸਕੱਤਰ ਤੇਜ਼ਵੀਰ ਸਿੰਘ ਨੇ ਕਮਿਸ਼ਨ ਗਠਿਤ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਇਹ ਕਮਿਸ਼ਨ ਸੂਬੇ ’ਚ ਸਨਅਤਾਂ ਤੇ ਕਾਰੋਬਾਰ ਦਾ ਮਾਹੌਲ ਬਣਾਉਣ ’ਚ ਸਹਿਯੋਗ ਕਰਨਗੇ ਤੇ ਪੰਜਾਬ ਦੇ ਸਨਅਤ ਨੂੰ ਕਿਵੇਂ ਆਲਮੀ ਪੱਧਰ ਦੇ ਮੁਕਾਬਲੇ ਲਾਇਕ ਬਣਾਇਆ ਜਾ ਸਕੇ ਇਸ ਲਈ ਸੁਝਾਅ ਦੇਣਗੇ। ਕਮਿਸ਼ਨ ਮੁੱਖ ਤੌਰ ’ਤੇ ਅਜਿਹੇ ਨੁਕਤਿਆਂ ’ਤੇ ਫੋਕਸ ਕਰਨਗੇ ਜਿਸ ਨਾਲ ਸੂਬੇ ਦੇ ਨੌਜਵਾਨਾਂ ਨੂੰ ਵੀ ਨੌਕਰੀ ਮਿਲ ਸਕੇ। ਕਮਿਸ਼ਨਾਂ ਦਾ ਮੁੱਖ ਕੰਮ ਸੂਬੇ ’ਚ ਸਨਅਤੀ ਵਿਕਾਸ ਨੂੰ ਵਧਾਉਣਾ ਹੈ ਤਾਂ ਜੋ ਨਵੇਂ ਰੁਜ਼ਗਾਰ ਪੈਦਾ ਕੀਤੇ ਜਾ ਸਕਣ। ਇਸ ’ਚ ਹੁਨਰਮੰਦ ਲੇਬਰ ਤਿਆਰ ਕਰਨਾ ਵੀ ਸ਼ਾਮਿਲ ਹੈ। ਸੂਬੇ ’ਚ ਕਾਰੋਬਾਰ ਨੂੰ ਸੁਖਾਲਾ ਬਣਾਉਣਾ ਵੀ ਕਮਿਸ਼ਨਾਂ ਦਾ ਉਦੇਸ਼ ਹੋਵੇਗਾ। ਸਨਅਤਾਂ ਲਈ ਬਿਜਲੀ ਦੀ ਉਪਲਬਧਤਾ, ਬੁਨਿਆਦੀ ਢਾਂਚਾ ਆਦਿ ਸਥਾਪਿਤ ਕਰਨ ਦੇ ਸੁਝਾਅ ਦੇਣਾ ਵੀ ਇਨ੍ਹਾਂ ਦੇ ਕੰਮਾਂ ’ਚ ਸ਼ਾਮਿਲ ਹੋਵੇਗਾ। ਕਮਿਸ਼ਨ ਸੂਬੇ ’ਚ ਨਵੇਂ ਸਟਾਰਟ ਅਪ ਸਥਾਪਿਤ ਕਰਨ ਤੇ ਮੱਧਮ ਦਰਜੇ ਦੀ ਇੰਡਸਟਰੀ ਜਿਹੜੀ ਪੰਜਾਬ ਦੀਆਂ ਸਨਅਤਾਂ ਦੀ ਰੀੜ੍ਹ ਹੈ ਨੂੰ ਕਿਵੇਂ ਪ੍ਰਮੋਟ ਕੀਤਾ ਜਾ ਸਕਦਾ ਹੈ ਇਸ ’ਤੇ ਕੰਮ ਕਰਨਗੇ।
ਇਨ੍ਹਾਂ ਸੈਕਟਰਾਂ ਲਈ ਗਠਿਤ ਹੋਣਗੇ ਕਮਿਸ਼ਨ
ਟੈਕਸਟਾਈਲ ਨਾਲ ਜੁੜੀ ਕਾਟਨ ਜਿਨਿੰਗ, ਸਪਿਨਿੰਗ, ਇੰਡਸਟਰੀ, ਮਸ਼ੀਨ ਤੇ ਟੂਲਸ ਬਣਾਉਣ ਵਾਲੀ ਇੰਡਸਟਰੀ, ਖੇਡ ਦਾ ਸਾਮਾਨ ਬਣਾਉਣ ਵਾਲੀ ਇੰਡਸਟਰੀ, ਖੇਤੀ ਤੇ ਫੂਟ ਪ੍ਰੋਸੈਸਿੰਗ ਤੇ ਦੁੱਧ ਉਤਪਾਦਾਂ ਨਾਲ ਜੁੜੀ ਇੰਡਸਟਰੀ, ਸ਼ੈਲਰ, ਸਾਇਕਲ ਸਨਅਤ, ਇਨਲੈਕਟ੍ਰੋਪਲੇਟਿੰਗ, ਈ-ਬਾਈਕ ਤੇ ਸਿਲਾਈ ਮਸ਼ੀਨ, ਖੇਤੀ ਮਸ਼ੀਨਰਰੀ, ਫਾਰਮਾਸਿਊਟੀਕਲ, ਸਟੀਲ, ਆਟੋ, ਇਲੈਕਟ੍ਰਿਕ ਵ੍ਹੀਕਲਸ, ਸੂਚਨਾ ਸੰਚਾਰ ਤਕਨੀਕ ਨਾਲ ਜੁੜੀ ਇੰਡਸਟਰੀ ਪੇਪਰ ਤੇ ਪੇਪਰ ਅਧਾਰਤ ਉਤਪਾਦਨ ਬਣਾਉਣ ਵਾਲੀ ਇੰਡਸਟਰੀ, ਪਲਾਈਵੁੱਡ ਤੇ ਲੱਕੜ ਦੇ ਉਤਪਾਦ ਬਣਾਉਣ ਵਾਲੀ, ਹੋਟਲ ਤੇ ਹੋਸਪਿਟੈਲਿਟੀ, ਪਲਾਸਟਿਕ ਤੇ ਕੈਮੀਕਲ, ਲਾਜਿਸਟਿਕ, ਕੰਸਟ੍ਰਕਸ਼ਨ ਮੈਟੀਰੀਅਲ, ਰਿਟੇਲ ਤੇ ਸਵਰਿਸ ਇੰਡਸਟਰੀ, ਹੈਲਥਕੇਅਰ, ਸੈਰ ਸਪਾਟਾ, ਮੀਡੀਆ, ਪਿ੍ਰਟਿੰਗ ਐਂਡ ਪੈਕੇਜਿੰਗ, ਰਿਅਲ ਅਸਟੇਟ ਆਦਿ 26 ਸੈਕਟਰਾਂ ਦੇ ਹਰੇਕ ਦਾ ਵੱਖਰਾ ਕਮਿਸ਼ਨ ਹੋਵੇਗਾ।
ਬੋਰਡ ਦਾ ਕੀ ਕੰਮ ਹੋਵੇਗਾ!
ਇੰਡਸਟ੍ਰੀਅਲ ਐਡਵਾਇਜ਼ਰੀ ਕਮਿਸ਼ਨਾਂ ਦੇ ਗਠਨ ਤੋਂ ਬਾਅਦ ਇਹ ਸਵਾਲ ਪੈਦਾ ਹੋ ਗਿਆ ਹੈ ਕਿ ਪਹਿਲਾਂ ਤੋਂ ਕੰਮ ਕਰ ਰਹੇ ਇੰਡਸਟ੍ਰੀਅਲ ਬੋਰਡ ਦਾ ਕੀ ਕੰਮ ਰਹਿ ਜਾਵੇਗਾ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਦੌਰਾਨ ਤਿੰਨ ਬੋਰਡ ਵੱਡੀ, ਮੱਧਮ ਤੇ ਛੋਟੀ ਇੰਡਸਟਰੀ ਲਈ ਬਣਾਏ ਗਏ ਸਨ। ਹਾਲਾਂਕਿ ਇਨ੍ਹਾਂ ਸਾਰੇ ਬੋਰਡਾਂ ’ਚ ਸਿਆਸੀ ਵਿਅਕਤੀ ਹੀ ਚੇਅਰਮੈਨ ਲੱਗਦੇ ਹਨ ਜਦਕਿ ਨਵੇਂ ਕਮਿਸ਼ਨਾਂ ’ਚ ਇੰਡਸਟਰੀ ਨਾਲ ਜੁੜੇ ਵਿਅਕਤੀ ਹੀ ਚੇਅਰਮੈਨ ਹੋਣਗੇ।








