India News

ਅਸਲਾ ਲਾਇਸੈਂਸ ਲੈਣ ਲਈ ਖ਼ੁਦ ਹੀ ਕਰਵਾਇਆ ਘਰ ’ਤੇ ਹਮਲਾ, ਯੂਥ ਅਕਾਲੀ ਦਲ ਦਾ ਪ੍ਰਧਾਨ ਸਾਥੀਆਂ ਸਮੇਤ ਕਾਬੂ

ਪੁਲਿਸ ਨੇ ਯੂਥ ਅਕਾਲੀ ਦਲ ਸਰਕਲ ਨੰਦਾਚੌਰ ਦੇ ਸਰਕਲ ਪ੍ਰਧਾਨ ਦੇ ਘਰ ’ਤੇ ਵਾਰ-ਵਾਰ ਹੋ ਰਹੇ ਹਮਲਿਆਂ ਦਾ ਪਰਦਾਫਾਸ਼ ਕਰਦਿਆਂ ਉਸੇ ਆਗੂ ਤੇ ਸੱਤ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਇੱਕ ਏਅਰ ਪਿਸਤੌਲ ਅਤੇ ਕੁੱਝ ਹੋਰ ਸਾਮਾਨ ਬਰਾਮਦ ਕੀਤਾ ਹੈ। ਪੁਲਿਸ ਲਾਈਨ ਵਿਖੇ ਪੱਤਰਕਾਰ ਨੂੰ ਸੰਬੋਧਨ ਕਰਦਿਆਂ ਡੀਆਈਜੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਦੀ ਵਿਸ਼ੇਸ਼ ਟੀਮ ਵੱਲੋਂ ਉਕਤ ਆਗੂ ਕੋਠੀ ’ਤੇ ਫਾਇਰਿੰਗ, ਪੈਟਰੌਲ ਬੰਬ ਸੁੱਟਣ ਤੇ ਭੰਨਤੋੜ ਦੇ ਮਾਮਲੇ ਵਿਚ ਮਕਾਨ ਮਾਲਕ ਸਮੇਤ ਅੱਠ ਵਿਅਕਤੀਆਂ ਗ੍ਰਿਫ਼ਤਾਰ ਕੀਤਾ ਹੈ।

ਡੀਆਈਜੀ ਨੇ ਦੱਸਿਆ ਕਿ ਪਿਛਲੇ ਚਾਰ ਮਹੀਨਿਆਂ ਤੋਂ ਬੁੱਲੋਵਾਲ ਦੇ ਪਿੰਡ ਕਹਾਲੂਵਹਾਰ ਦੇ ਅਕਾਲੀ ਆਗੂ ਅਵਤਾਰ ਸਿੰਘ ਦੇ ਘਰ ਜੂਨ ਮਹੀਨੇ ਤੋਂ ਹਮਲੇ ਹੋ ਰਹੇ ਸਨ। 9 ਜੂਨ ਨੂੰ ਤੜਕਸਾਰ ਜਦੋਂ ਉਸ ਦਾ ਪਿਤਾ ਅਮਰੀਕ ਸਿੰਘ ਮੌਜੂਦਾ ਸਰਪੰਚ ਗੁਰਨਾਮ ਸਿੰਘ ਨਾਲ ਸੈਰ ਕਰ ਰਹੇ ਸਨ ਤਾਂ ਅਣਪਛਾਤੇ ਵਿਅਕਤੀਆਂ ਨੇ ਉਸ ’ਤੇ ਗੋਲੀ ਚਲਾ ਦਿੱਤੀ ਸੀ। ਥਾਣਾ ਬੁੱਲੋਵਾਲ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਉਸ ਤੋਂ ਬਾਅਦ 16 ਜੂਨ ਦੀ ਰਾਤ ਉਨ੍ਹਾਂ ਦੀ ਕੋਠੀ ਵਿਚ ਅਣਪਛਾਤੇ ਵਿਅਕਤੀਆਂ ਨੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਜਿਸ ’ਤੇ ਵੀ ਬੁੱਨੋਵਾਲ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਤੀਜੀ ਵਾਰ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਵਿਚ ਦਾਖ਼ਲ ਹੋ ਕੇ ਭੰਨਤੋੜ ਕੀਤੀ ਸੀ। ਇ ਤੋਂ ਬਾਅਦ ਪੁਲਿਸ ਨੇ ਬਰੀਕੀ ਨਾਲ ਪੜਤਾਲ ਕਰਨੀ ਸ਼ੁਰੂ ਕੀਤੀ। ਅਵਤਾਰ ਸਿੰਘ ਦਾ ਦਾਦਾ ਫ਼ੌਜ ਵਿਚ ਸ਼ਹੀਦ ਹੋਇਆ ਸੀ ਅਤੇ ਧਾਰਮਿਕ ਪਰਿਵਾਰ ਹੋਣ ਕਰਕੇ ਪੁਲਿਸ ਨੇ ਪਰਿਵਾਰ ਨੂੰ ਸੁਰੱਖ਼ਿਆ ਵੀ ਦਿੱਤੀ ਹੋਈ ਸੀ।

ਦੋਸਤ ਨਾਲ ਮਿਲ ਕੇ ਬਣਾਈ ਸੀ ਸਕੀਮ

ਜਾਂਚ ਦੌਰਾਨ ਪਤਾ ਲੱਗਾ ਕਿ ਇਹ ਸਾਰਾ ਡਰਾਮਾ ਅਵਤਾਰ ਸਿੰਘ ਨੇ ਅਸਲਾ ਲਾਇਸੈਂਸ ਲੈਣ ਲਈ ਹੀ ਰਚਿਆ ਸੀ। ਉਸ ਨੇ ਆਪਣੇ ਕਰੀਬੀ ਦੋਸਤ ਦਲਜੀਤ ਸਿੰਘ ਗੋਰਾ ਨਾਲ ਮਿਲ ਕੇ ਸਾਰੀ ਵਿਉਂਤ ਘੜੀ ਸੀ। ਪੁਲਿਸ ਨੇ ਮੁੱਢਲੀ ਪੁੱਛਗਿੱਛ ਕੀਤੀ ਤਾਂ ਅਵਤਾਰ ਸਿੰਘ ਅਤੇ ਦਲਜੀਤ ਸਿੰਘ ਗੋਰਾ ਨੇ ਸਾਰੀ ਸੱਚਾਈ ਬਿਆਨ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਅਵਤਾਰ ਸਿੰਘ ਨੇ ਹੀ ਅਸਲਾ ਲਾਈਸੰਸ ਬਣਾਉਣ ਲਈ ਆਪਣੇ ਘਰ ’ਤੇ ਹਮਲੇ ਕਰਵਾਏ ਅਤੇ ਪੁਲਿਸ ਨੂੰ ਗੁਮਰਾਹ ਕੀਤਾ ਸੀ। ਪੁਲਿਸ ਨੇ ਅਵਤਾਰ ਸਿੰਘ, ਵਿਕਰਮ ਲਾਲ ਉਰਫ਼ ਵਿੱਕੀ, ਬੌਬੀ ਕੁਮਾਰ, ਸਰਬਜੀਤ ਸਿੰਘ ਸਾਬੀ, ਗੁਰਮੁੱਖ਼ ਸਿੰਘ ਗੋਪੀ, ਦਲਜੀਤ ਸਿੰਘ ਗੋਰਾ, ਅਨਿਲ ਸੈਣੀ ਤੇ ਬਰਜੇਸ਼ਵਰ ਉਰਫ਼ ਸੂਰਜ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ।

Video