ਲੋਕ ਸਭਾ 2024 ਦੀਆਂ ਤਿਆਰੀਆਂ ’ਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਬਾਕੀ ਰਾਜਨੀਤਿਕ ਪਾਰਟੀਆਂ ’ਤੋਂ ਅੱਗੇ ਚੱਲ ਰਿਹਾ ਹੈ । ਦਰਅਸਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਵਲੋਂ ਨੌਂ ਲੋਕ ਸਭਾ ਹਲਕਿਆਂ ਅਤੇ 4 ਵਿਧਾਨ ਸਭਾ ਹਲਕਿਆਂ ਦੇ ਮੁੱਖ ਸੇਵਾਦਾਰ ਨਿਯੁਕਤ ਕਰ ਦਿੱਤੇ ਗਏ ਹਨ। ਇਸ ਤੋਂ ਵੀ ਇੱਕ ਕਦਮ ਅੱਗੇ ਚੱਲਦਿਆਂ ਸਾਰਿਆਂ ਨਵ-ਨਿਯੁਕਤ ਇੰਚਾਰਜਾਂ ਨੂੰ ਆਪਣੇ-ਆਪਣੇ ਹਲਕਿਆਂ ’ਚ ਪ੍ਰਚਾਰ ਮੁਹਿੰਮ ਅਤੇ ਤਾਲਮੇਲ ਦਾ ਕੰਮ ਸ਼ੁਰੂ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪਾਰਟੀ ਦੇ ਸੀਨੀਅਰ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਬਿਕਰਮ ਸਿੰਘ ਮਜੀਠੀਆ ਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ, ਹਰਸਿਮਰਤ ਕੌਰ ਬਾਦਲ (Harsimrat Kaur Badal) ਨੂੰ ਬਠਿੰਡਾ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸ੍ਰੀ ਆਨੰਦਪੁਰ ਸਾਹਿਬ, ਅਨਿਲ ਜੋਸ਼ੀ ਨੂੰ ਅੰਮ੍ਰਿਤਸਰ, ਗੁਲਜ਼ਾਰ ਸਿੰਘ ਰਣੀਕੇ ਨੂੰ ਗੁਰਦਾਸਪੁਰ, ਡਾ. ਸੁਖਵਿੰਦਰ ਸੁੱਖੀ ਨੂੰ ਜਲੰਧਰ, ਜਨਮੇਜਾ ਸਿੰਘ ਸੇਖੋਂ ਨੂੰ ਫਿਰੋਜ਼ਪੁਰ, ਸਿਕੰਦਰ ਸਿੰਘ ਮਲੂਕਾ ਨੂੰ ਫਰੀਦਕੋਟ ਅਤੇ ਇਕਬਾਲ ਸਿੰਘ ਝੂੰਦਾ ਨੂੰ ਸੰਗਰੂਰ ਦਾ ਇੰਚਾਰਜ ਲਗਾਇਆ ਗਿਆ ਹੈ।
ਡਾ. ਚੀਮਾ ਨੇ ਦੱਸਿਆ ਕਿ ਲੋਕ ਸਭਾ ਤੋਂ ਇਲਾਵਾ 4 ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਵੀ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ’ਚ ਹਰਿੰਦਰ ਸਿੰਘ ਮਹਿਰਾਜ ਨੂੰ ਹਲਕਾ ਰਾਮਪੁਰਾ, ਅਰਵਿੰਦਰ ਸਿੰਘ ਰਸੂਲਪੁਰ ਨੂੰ ਉੜਮੁੜ ਟਾਂਡਾ, ਕਬੀਰ ਦਾਸ ਨੂੰ ਸ਼ੁਤਰਾਣਾ, ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਹੁਸ਼ਿਆਰਪੁਰ ਦਾ ਮੁੱਖ ਸੇਵਾਦਾਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਐਨ. ਕੇ. ਸ਼ਰਮਾ ਨੂੰ ਲੁਧਿਆਣਾ ਸ਼ਹਿਰੀ ਤੇ ਤੀਰਥ ਸਿੰਘ ਮਾਹਲਾ ਨੂੰ ਲੁਧਿਆਣਾ ਦਿਹਾਤੀ ਦਾ ਇੰਚਾਰਜ ਲਗਾਇਆ ਗਿਆ ਹੈ।








