ਰੋਜ਼ੀ-ਰੋਟੀ ਖ਼ਾਤਰ 6 ਸਾਲ ਪਹਿਲਾਂ ਨਿਊਜ਼ੀਲੈਂਡ ਗਏ ਵਡਾਲਾ ਬਾਂਗਰ ਦੇ ਜੰਮਪਲ ਨੌਜਵਾਨ ਕੰਵਲਜੀਤ ਸਿੰਘ ਦੀ ਅਚਾਨਕ ਮੌਤ ਹੋਣ ਦੀ ਖ਼ਬਰ ਮਿਲਣ ‘ਤੇ ਪਿੰਡ ਵਡਾਲਾ ਬਾਂਗਰ ਤੇ ਆਸ ਪਾਸ ਦੇ ਇਲਾਕਿਆਂ ‘ਚ ਸੋਗ ਦੀ ਲਹਿਰ ਦੌੜ ਗਈ। ਇਸ ਸਬੰਧੀ ਮਰਹੂਮ ਕੰਵਲਜੀਤ ਸਿੰਘ ਦੇ ਜੀਜਾ ਸਰਪੰਚ ਮੇਜਰ ਸਿੰਘ ਢਿੱਲੋਂ ਮੋਟਰਜ਼ ਨੇ ਦੱਸਿਆ ਕਿ ਉਸ ਦਾ ਸਾਲਾ ਕੰਵਲਜੀਤ ਸਿੰਘ (24) ਪੁੱਤਰ ਸੇਵਾਮੁਕਤ ਲਾਈਨਮੈਨ ਮਲੂਕ ਸਿੰਘ ਵਾਸੀ ਵਡਾਲਾ ਬਾਂਗਰ 6 ਸਾਲ ਪਹਿਲਾਂ ਨਿਊਜ਼ੀਲੈਂਡ ‘ਚ ਸਟੱਡੀ ਬੇਸ ‘ਤੇ ਗਿਆ ਹੋਇਆ ਸੀ। ਡੇਢ ਸਾਲ ਪਹਿਲਾਂ ਹੀ ਕੰਵਲਜੀਤ ਸਿੰਘ ਨੂੰ ਪੀਆਰ ਮਿਲੀ ਸੀ।
ਮੇਜਰ ਸਿੰਘ ਨੇ ਦੱਸਿਆ ਕਿ ਕੰਵਲਜੀਤ ਸਿੰਘ ਦੋ ਭੈਣਾਂ ਤੇ ਇਕ ਭਰਾ ਦਾ ਲਾਡਲਾ ਵੀਰ ਸੀ ਤੇ ਉਸ ਨੇ ਜਨਵਰੀ ਮਹੀਨੇ ਵਤਨ ਪਰਤਣਾ ਸੀ। ਪਰਿਵਾਰ ਵੱਲੋਂ ਕੰਵਲਜੀਤ ਸਿੰਘ ਦੇ ਆਉਣ ‘ਤੇ ਉਸ ਦੇ ਵਿਆਹ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਸਨ। ਉਸ ਨੇ ਦੱਸਿਆ ਕਿ ਕੰਵਲਜੀਤ ਸਿੰਘ ਦਾ ਦੋਸਤ ਮਾਨਵਵੀਰ ਸਿੰਘ ਭੁੱਲਰ ਜੋ ਇੱਕੋ ਘਰ ‘ਚ ਰਹਿੰਦੇ ਹਨ, ਨੇ ਐਤਵਾਰ ਤੜਕਸਾਰ ਫੋਨ ‘ਤੇ ਪੁੱਤਰ ਦੀ ਮੌਤ ਸਬੰਧੀ ਦੱਸਿਆ। ਮਾਨਵਵੀਰ ਨੇ ਦੱਸਿਆ ਕਿ ਕੰਵਲਜੀਤ ਰੋਜ਼ਾਨਾ ਵਾਂਗ 5 ਵਜੇ ਆਪਣੀ ਡਿਊਟੀ ‘ਤੇ ਜਾਂਦਾ ਸੀ ਤੇ ਐਤਵਾਰ ਸਵੇਰੇ ਉਨ੍ਹਾਂ 6 ਵਜੇ ਦੇ ਕਰੀਬ ਵੇਖਿਆ ਕਿ ਉਸ ਦੀ ਗੱਡੀ ਘਰ ਦੇ ਬਾਹਰ ਖੜ੍ਹੀ ਹੈ।
ਜਦੋਂ ਉਹ ਕੰਵਲਜੀਤ ਸਿੰਘ ਦੇ ਕਮਰੇ ‘ਚ ਗਏ ਤਾਂ ਦੇਖਿਆ ਕਿ ਉਹ ਬਿਸਤਰੇ ‘ਤੇ ਪਿਆ ਸੀ। ਉਨ੍ਹਾਂ ਤੁਰੰਤ ਐਂਬੂਲੈਂਸ ਨੂੰ ਫੋਨ ਕੀਤਾ ਤਾਂ ਡਾਕਟਰਾਂ ਨੇ ਉਸ ਦਾ ਚੈਕਅਪ ਕੀਤਾ ਤੇ ਮ੍ਰਿਤਕ ਕਰਾਰ ਦੇ ਦਿੱਤਾ। ਸਰਪੰਚ ਮੇਜਰ ਸਿੰਘ ਨੇ ਦੱਸਿਆ ਕਿ ਕੰਵਲਜੀਤ ਦੀ ਦੇਹ ਦਾ ਵਤਨ ਆਉਣ ਸਬੰਧੀ ਮੰਗਲਵਾਰ ਨੂੰ ਪਤਾ ਲੱਗੇਗਾ। ਇਸ ਦੁੱਖ ਭਰੀ ਖਬਰ ਸੁਣਦਿਆਂ ਹੀ ਕੰਵਲਜੀਤ ਸਿੰਘ ਦੇ ਪਰਿਵਾਰ ਦੇ ਨਾਲ ਲੋਕ ਵਲੋਂ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।









