India News

ਅੰਮ੍ਰਿਤਪਾਲ ਸਿੰਘ ਦੇ ਸਮਰਥਨ ‘ਚ ਖਾਲਿਸਤਾਨ ਪੱਖੀ ਸੰਗਠਨ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਕੀਤਾ ਵੱਡਾ ਐਲਾਨ

ਖਾਲਿਸਤਾਨ ਪੱਖੀ ਸੰਗਠਨ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ‘ਵਾਰਿਸ ਪੰਜਾਬ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਨ ‘ਚ ਵੀਡੀਓ ਜਾਰੀ ਕੀਤੀ ਹੈ। ਪੰਨੂ ਨੇ ਕਿਹਾ ਹੈ ਕਿ 29 ਅਪਰੈਲ ਨੂੰ ਪੰਜਾਬ ਦੇ ਲੋਕ ਰੇਲਵੇ ਟਰੈਕ ’ਤੇ ਬੈਲ ਗੱਡੀਆਂ ਤੇ ਟਰੈਕਟਰ ਖੜ੍ਹੇ ਕਰ ਦੇਣ।

ਪੰਨੂ ਨੇ ਕਿਹਾ ਕਿ 23 ਮਈ ਨੂੰ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅੰਮ੍ਰਿਤਪਾਲ ਮਾਮਲੇ ‘ਚ ਜਵਾਬ ਮੰਗਿਆ ਜਾਵੇਗਾ। 

ਪੰਨੂ ਨੇ ਕਿਹਾ ਕਿ ਇਸ ਵਾਰ ਮਸਲਾ ਜ਼ਮੀਨ ਦਾ ਨਹੀਂ, ਜ਼ਮੀਰ ਦਾ ਹੈ। 29 ਅਪ੍ਰੈਲ ਨੂੰ ਪੰਜਾਬ ਪੂਰੀ ਤਰ੍ਹਾਂ ਬੰਦ ਕਰਨਾ ਚਾਹੀਦਾ ਹੈ। ਟਰੇਨ ਰੋਕਣ ਦੀ ਆਵਾਜ਼ ਡਿਬਰੂਗੜ੍ਹ ਜੇਲ੍ਹ ਤੱਕ ਜਾਣੀ ਚਾਹੀਦੀ ਹੈ ਤਾਂ ਜੋ ਪਤਾ ਲੱਗੇ ਕਿ ਪੰਜਾਬ ਦੇ ਨੌਜਵਾਨ ਜਾਗਦੀ ਜ਼ਮੀਰ ਵਾਲੇ ਹਨ।

ਉਸ ਨੇ ਕਿਹਾ ਹੈ ਕਿ ਅੰਮ੍ਰਿਤਸਰ ਤੋਂ ਫ਼ਿਰੋਜ਼ਪੁਰ ਤੱਕ ਕੋਈ ਟਰੇਨ ਨਹੀਂ ਚੱਲਣੀ ਚਾਹੀਦੀ। ਪੰਨੂ ਇਸ ਤੋਂ ਪਹਿਲਾਂ ਵੀ ਕਈ ਵੀਡੀਓ ਜਾਰੀ ਕਰ ਚੁੱਕਾ ਹੈ। 

ਪੰਨੂ ਦੀ ਧਮਕੀ ਤੋਂ ਬਾਅਦ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਅਲਰਟ ਜਾਰੀ ਕੀਤਾ ਗਿਆ ਹੈ। ਰੇਲਵੇ ਸਟੇਸ਼ਨ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਜੀਆਰਪੀ ਨੂੰ ਗਸ਼ਤ ਤੇ ਸੁਰੱਖਿਆ ਵਧਾਉਣ ਲਈ 41 ਵਾਧੂ ਪੁਲਿਸ ਮੁਲਾਜ਼ਮ ਦਿੱਤੇ ਗਏ ਹਨ।

ਰੇਲਵੇ ਸਟੇਸ਼ਨਾਂ ਤੇ ਪੁਲਿਸ ਚੌਕੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਰੇਲਵੇ ਟ੍ਰੈਕ ‘ਤੇ ਗਸ਼ਤ ਕੀਤੀ ਜਾ ਰਹੀ ਹੈ। ਰੇਲਵੇ ਸਟੇਸ਼ਨ ‘ਤੇ ਤਾਇਨਾਤ ਵਾਧੂ ਫੋਰਸ ‘ਚ ਇੱਕ ਸਬ-ਇੰਸਪੈਕਟਰ, ਪੰਜ ਕਾਂਸਟੇਬਲ ਤੇ 35 ਹੋਮ ਗਾਰਡ ਸ਼ਾਮਲ ਹਨ, ਜੋ ਜੀਆਰਪੀ ਦੀ ਮਦਦ ਕਰਨਗੇ।

ਜੀਆਰਪੀ ਦੇ ਐਸਪੀ ਬਲਰਾਮ ਰਾਣਾ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਚੌਕਸ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਤਿੰਨ ਦਿਨਾਂ ਲਈ ਡਿਊਟੀ 8 ਘੰਟੇ ਤੋਂ ਵਧਾ ਕੇ 10 ਘੰਟੇ ਕਰ ਦਿੱਤੀ ਗਈ ਹੈ।

ਅਧਿਕਾਰੀਆਂ ਨੂੰ ਸ਼ਰਾਰਤੀ ਅਨਸਰਾਂ ‘ਤੇ ਨਜ਼ਰ ਰੱਖਣ ਲਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

Video