ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF) ਨੇ ਸ਼ਨੀਵਾਰ ਨੂੰ ਰਾਜ ਵਿੱਚ ਅਮੂਲ ਦੁੱਧ ਦੀ ਕੀਮਤ ਵਿਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਦੱਸ ਦੇਈਏ ਕਿ ਦਸੰਬਰ 2022 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਹਿਲੀ ਵਾਰ ਦੁੱਧ ਦੀਆਂ ਕੀਮਤਾਂ ‘ਚ ਵਾਧਾ ਕੀਤਾ ਗਿਆ ਹੈ।
ਦਰਅਸਲ, ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (ਜੀਸੀਐਮਐਮਐਫ), ਸੂਬੇ ਵਿਚ ਦੁੱਧ ਸਹਿਕਾਰੀ ਸਮਿਤੀਆਂ ਦੀ ਸਿਖਰ ਸੰਸਥਾ, ਆਮ ਤੌਰ ‘ਤੇ ਦੁੱਧ ਦੀਆਂ ਕੀਮਤਾਂ ਵਿਚ ਵਾਧੇ ਦਾ ਪਹਿਲਾਂ ਤੋਂ ਐਲਾਨ ਕਰਦੀ ਹੈ, ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਸੂਤਰਾਂ ਦਾ ਕਹਿਣਾ ਹੈ ਕਿ ਫੀਡ ਤੇ ਢੋਆ-ਢੁਆਈ ਦੇ ਖਰਚੇ ਵਧਣ ਕਾਰਨ ਦੁੱਧ ਦੀ ਕੀਮਤ ਵਧੀ ਹੈ। ਇਸ ਲਈ ਅਮੂਲ ਨੇ ਦੁੱਧ ਦੀ ਕੀਮਤ 2 ਰੁਪਏ ਪ੍ਰਤੀ ਲੀਟਰ ਵਧਾ ਦਿੱਤੀ ਹੈ।
ਦੁੱਧ ਲਈ ਹੁਣ ਇੰਨਾ ਕਰਨਾ ਪਵੇਗਾ ਭੁਗਤਾਨ
ਦੱਸ ਦੇਈਏ ਕਿ ਕੀਮਤ ਵਿਚ ਸੋਧ ਤੋਂ ਬਾਅਦ ਅਮੂਲ ਮੱਝ ਦੇ ਦੁੱਧ ਦੀ ਕੀਮਤ ਹੁਣ 68 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਦੋਂਕਿ ਅਮੂਲ ਗੋਲਡ ਦੀ ਕੀਮਤ 64 ਰੁਪਏ ਹੋ ਗਈ ਹੈ। ਇਸ ਤੋਂ ਇਲਾਵਾ ਅਮੂਲ ਸ਼ਕਤੀ ਦੀ ਕੀਮਤ 58 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਨਾਲ ਹੀ, ਅਮੂਲ ਗਾਂ ਦੇ ਦੁੱਧ ਦੀ ਕੀਮਤ ਹੁਣ 54 ਰੁਪਏ ਪ੍ਰਤੀ ਲੀਟਰ, ਅਮੂਲ ਤਾਜ਼ਾ 52 ਰੁਪਏ ਪ੍ਰਤੀ ਲੀਟਰ ਅਤੇ ਅਮੂਲ ਟੀ-ਸਪੈਸ਼ਲ 60 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
6 ਮਹੀਨਿਆਂ ਬਾਅਦ ਗੁਜਰਾਤ ‘ਚ ਵਧੀਆਂ ਦੁੱਧ ਦੀਆਂ ਕੀਮਤਾਂ
ਦੱਸ ਦੇਈਏ ਕਿ ਗੁਜਰਾਤ ਵਿੱਚ ਪਿਛਲੇ ਛੇ ਮਹੀਨਿਆਂ ਤੋਂ ਦੁੱਧ ਦੀ ਕੀਮਤ ਨਹੀਂ ਵਧਾਈ ਗਈ ਸੀ। ਅਮੂਲ ਨੇ ਸੂਬੇ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਤੂਬਰ 2022 ਵਿੱਚ 2 ਰੁਪਏ ਪ੍ਰਤੀ ਲੀਟਰ ਅਤੇ ਫਰਵਰੀ 2023 ਵਿੱਚ ਗੁਜਰਾਤ ਨੂੰ ਛੱਡ ਕੇ ਸਾਰੇ ਬਾਜ਼ਾਰਾਂ ਲਈ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ।






