ਮੱਧ ਪੂਰਬ ਤਣਾਅ ਦਰਮਿਆਨ LPG ਜਹਾਜ਼ ਪਹੁੰਚਿਆ ਸੁਰੱਖਿਅਤ ਭਾਰਤ

ਪੱਛਮੀ ਏਸ਼ੀਆ ਵਿੱਚ ਜਾਰੀ ਤਣਾਅ ਦੇ ਦਰਮਿਆਨ ਭਾਰਤ ਲਈ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਭਾਰਤ ਦਾ ਦੂਜਾ ਐੱਲਪੀਜੀ ਜਹਾਜ਼ ‘ਨੰਦਾ ਦੇਵੀ’ ਮੰਗਲਵਾਰ ਨੂੰ ਗੁਜਰਾਤ ਦੇ ਵਾਡੀਨਾਰ ਬੰਦਰਗਾਹ ‘ਤੇ ਸੁਰੱਖਿਅਤ ਪਹੁੰਚ ਗਿਆ। ਅਧਿਕਾਰੀਆਂ ਦੇ ਮੁਤਾਬਕ ਇਹ ਜਹਾਜ਼ Strait of Hormuz ਪਾਰ ਕਰਦੇ ਹੋਏ ਲਗਭਗ 46,500 ਮੀਟ੍ਰਿਕ ਟਨ LPG ਗੈਸ ਲੈ ਕੇ ਭਾਰਤ ਆਇਆ ਹੈ।

ਇਸ ਤੋਂ ਇੱਕ ਦਿਨ ਪਹਿਲਾਂ ਭਾਰਤ ਦਾ ਪਹਿਲਾ LPG ਜਹਾਜ਼ ‘ਸ਼ਿਵਾਲਿਕ’ ਵੀ ਸੋਮਵਾਰ ਨੂੰ ਮੁੰਦਰਾ ਬੰਦਰਗਾਹ ‘ਤੇ ਪਹੁੰਚ ਚੁੱਕਾ ਸੀ।

ਜਹਾਜ਼ ਤੋਂ ਜਹਾਜ਼ ਟਰਾਂਸਫਰ ਦੀ ਤਿਆਰੀ

ਦੀਨਦਿਆਲ ਪੋਰਟ ਅਥਾਰਟੀ ਦੇ ਚੇਅਰਮੈਨ ਸੁਸ਼ੀਲ ਕੁਮਾਰ ਸਿੰਘ ਨੇ ਦੱਸਿਆ ਕਿ ‘ਨੰਦਾ ਦੇਵੀ’ ਜਹਾਜ਼ ਵਾਡੀਨਾਰ ਬੰਦਰਗਾਹ ‘ਤੇ ਲੰਗਰਅੰਦਾਜ਼ ਹੋ ਚੁੱਕਾ ਹੈ ਅਤੇ ਹੁਣ LPG ਨੂੰ ਇੱਕ ਸਹਾਇਕ ਜਹਾਜ਼ ਵਿੱਚ ਟਰਾਂਸਫਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜਲਦ ਹੀ ਡਾਟਰ ਵੇਸਲ ਦੇ ਪਹੁੰਚਣ ‘ਤੇ ਜਹਾਜ਼ ਤੋਂ ਜਹਾਜ਼ ਟਰਾਂਸਫਰ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।

LPG ਜਹਾਜ਼ਾਂ ਨੂੰ ਦਿੱਤੀ ਜਾ ਰਹੀ ਸਭ ਤੋਂ ਵੱਧ ਤਰਜੀਹ

ਬੰਦਰਗਾਹ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ LPG ਜਹਾਜ਼ਾਂ ਨੂੰ ਉਤਾਰਨ ਅਤੇ ਟਰਾਂਸਫਰ ਕਰਨ ਦੀ ਪ੍ਰਕਿਰਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਸਾਰੇ ਸੰਚਾਲਨ ਅਤੇ ਸੁਰੱਖਿਆ ਮਾਪਦੰਡਾਂ ਦੀ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਇਸ ਪ੍ਰਕਿਰਿਆ ਵਿੱਚ ਕਈ ਏਜੰਸੀਆਂ ਮਿਲ ਕੇ ਕੰਮ ਕਰ ਰਹੀਆਂ ਹਨ।

ਭਾਰਤ ਦੀ ਊਰਜਾ ਨਿਰਭਰਤਾ

ਭਾਰਤ ਆਪਣੀ ਜ਼ਰੂਰਤ ਦਾ ਕਰੀਬ 88% ਕੱਚਾ ਤੇਲ, 50% ਕੁਦਰਤੀ ਗੈਸ ਅਤੇ 60% LPG ਵਿਦੇਸ਼ਾਂ ਤੋਂ ਆਯਾਤ ਕਰਦਾ ਹੈ। ਇਸ ਦਾ ਵੱਡਾ ਹਿੱਸਾ Strait of Hormuz ਰਾਹੀਂ ਆਉਂਦਾ ਹੈ।

ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ‘ਤੇ ਹਮਲਿਆਂ ਅਤੇ ਈਰਾਨ ਦੀ ਜਵਾਬੀ ਕਾਰਵਾਈ ਤੋਂ ਬਾਅਦ ਇਸ ਸਮੁੰਦਰੀ ਰਸਤੇ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ। ਇਸ ਵੇਲੇ 22 ਭਾਰਤੀ ਝੰਡੇ ਵਾਲੇ ਜਹਾਜ਼ ਫਾਰਸ ਦੀ ਖਾੜੀ ਦੇ ਪੱਛਮੀ ਹਿੱਸੇ ਵਿੱਚ ਮੌਜੂਦ ਹਨ, ਜਿਨ੍ਹਾਂ ‘ਤੇ 611 ਭਾਰਤੀ ਮਲਾਹ ਸਵਾਰ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੋਸ਼ਿਸ਼ਾਂ ਜਾਰੀ ਹਨ।

Video