ਜਿਸ ਦਿਨ ਰਮਨਦੀਪ ਸਿੰਘ ਨੇ ਨਿਊਜ਼ੀਲੈਂਡ ਵਿੱਚ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਭਾਰਤ ਛੱਡਿਆ, ਉਸੇ ਦਿਨ ਉਸਨੇ ਆਪਣੇ ਮਾਪਿਆਂ ਨੂੰ ਭਰੋਸਾ ਦਿੱਤਾ ਕਿ ਸਭ ਕੁਝ ਚੰਗਾ ਹੋਏਗਾ। ਉਸਨੇ ਕਿਹਾ ਕਿ ਨਵਾਂ ਦੇਸ਼ ਉਸ ਲਈ ਸੁਰੱਖਿਅਤ ਹੈ। ਪਰ, ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਕੁਝ ਮਹੀਨੇ ਬਾਅਦ, ਇੱਕ ਰਾਤ ਜਦੋਂ ਉਹ ਪੱਛਮੀ ਆਕਲੈਂਡ ਦੇ ਰਿਜ਼ਰਵ ‘ਚ ਆਪਣੀ ਨਾਈਟ ਸ਼ਿਫਟ ਦੌਰਾਨ ਸੁਰੱਖਿਆ ਗਾਰਡ ਵਜੋਂ ਆਪਣਾ ਕੰਮ ਨਿਭਾ ਰਿਹਾ ਸੀ, ਤਾਂ ਉਹ ਦੋ ਅਣਜਾਣ ਲੋਕਾਂ ਵੱਲੋਂ ਹਮਲੇ ਦਾ ਸ਼ਿਕਾਰ ਹੋ ਜਾਵੇਗਾ। ਉਸ ਨੂੰ ਬੇਰਹਮੀ ਨਾਲ ਕੁੱਟਿਆ ਗਿਆ, ਜਿਸ ਨਾਲ ਉਸਦੀ ਮੌਤ ਹੋ ਗਈ।ਅੱਜ ਆਕਲੈਂਡ ਹਾਈ ਕੋਰਟ ਵਿੱਚ ਜਦੋਂ ਕਤਲ ਦੇ ਦੋਸ਼ੀ ਲੋਰੇਂਜ਼ੋ ਟੈਂਜੀਰਾ ਨੂੰ ਸਜ਼ਾ ਸੁਣਾਈ ਗਈ, ਤਾਂ ਸਿੰਘ ਦੀ ਭੈਣ ਵੱਲੋਂ ਇਕ ਲਿਖਤੀ ਬਿਆਨ ਪੜ੍ਹਿਆ ਗਿਆ ਜਿਸ ਵਿੱਚ ਉਸਨੇ ਕਿਹਾ, “ਉਹ ਮੇਰਾ ਸਭ ਤੋਂ ਨੇੜਲਾ ਸਾਥੀ, ਮੇਰਾ ਹੌਸਲਾ, ਮੇਰਾ ਰਹਨੁਮਾ ਸੀ।”
ਜੱਜ ਜੈਫਰੀ ਵੈਨਿੰਗ ਨੇ ਵੀ ਆਪਣੇ ਫੈਸਲੇ ਵਿੱਚ ਇਨ੍ਹਾਂ ਭਾਵਨਾਵਾਂ ਨੂੰ ਸਾਂਝਾ ਕਰਦਿਆਂ ਟੈਂਜੀਰਾ ਨੂੰ ਘੱਟੋ-ਘੱਟ 13 ਸਾਲ ਤੇ 9 ਮਹੀਨੇ ਦੀ ਕੈਦ ਦੇ ਨਾਲ ਉਮਰ ਕੈਦ ਦੀ ਸਜ਼ਾ ਸੁਣਾਈ।
ਨਵੀਂ ਜ਼ਿੰਦਗੀ ਦੇ ਸੁਪਨੇ ਵਿਚਕਾਰ ਇਕ ਦਰਦਨਾਕ ਅੰਤ, ਆਕਲੈਂਡ ‘ਚ ਭਾਰਤੀ ਨੌਜਵਾਨ ਰਮਨਦੀਪ ਦੀ ਹੱਤਿਆ, ਦੋਸ਼ੀ ਨੂੰ ਉਮਰ ਕੈਦ।










